Haryana, Punjab on high alert ahead of verdict in Dera chief Ram Rahim Singh case - A One
Latest News

Haryana, Punjab on high alert ahead of verdict in Dera chief Ram Rahim Singh case

ਡੇਰਾ ਮੁਖੀ ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਸਥਿਤੀ ਬਹੁਤ ਹੀ ਤਣਾਅਪੂਰਨ ਹੋ ਗਈ ਹੈ, ਜੇਕਰ ਫੈਸਲਾ ਡੇਰੇ ਦੇ ਖਿਲਾਫ਼ ਆਉਂਦਾ ਹੈ ਤਾਂ ਹਾਲਾਤ ਖਰਾਬ ਹੋ ਸਕਦੇ ਹਨ । ਅਜਿਹੇ ਵਿਚ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੈਰਾ ਮਿਲਟਰੀ ਫੋਰਸ ਦੀਆਂ ਜ਼ਿਆਦਾ ਕੰਪਨੀਆਂ ਚਾਹੀਦੀਆਂ ਹਨ । ਬੁੱਧਵਾਰ ਨੂੰ ਲਿਖੇ ਗਏ ਪੱਤਰ ਵਿਚ ਮੁੱਖ ਮੰਤਰੀ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਫ਼ੀ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਸੂਬੇ ਵਿਚ ਪੈਰਾ ਮਿਲਟਰੀ ਦੀਆਂ 43 ਕੰਪਨੀਆਂ ਪਹੁੰਚ ਚੁੱਕੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸੂਬੇ ਵਿਚ 107 ਹੋਰ ਕੰਪਨੀਆਂ ਭੇਜੀਆਂ ਜਾਣ। ਗ੍ਰਹਿ ਵਿਭਾਗ ਦੇ ਸੂਤਰਾਂ ਅਨੁਸਾਰ ਖੁਫ਼ੀਆ ਵਿਭਾਗ ਨੇ ਜੋ ਇਨਪੁਟ ਸਰਕਾਰ ਨੂੰ ਭੇਜਿਆ ਹੈ, ਉਸ ਵਿਚ ਦੱਸਿਆ ਗਿਆ ਕਿ ਘੱਟ ਤੋਂ ਘੱਟ 5 ਲੱਖ ਡੇਰਾ ਪ੍ਰੇਮੀ ਵੀਰਵਾਰ ਤੱਕ ਪਹੁੰਚ ਜਾਣਗੇ ਤੇ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਸਥਿਤੀ ਵਿਚ ਇੰਨੀ ਭੀੜ ਨੂੰ ਸੰਭਾਲਣਾ ਬਹੁਤ ਹੀ ਮੁਸ਼ਕਿਲ ਹੋ ਸਕਦਾ ਹੈ।ਇੰਨਾ ਹੀ ਨਹੀਂ ਕਿਉਂਕਿ ਕੱਟੜਪੰਥੀ ਸਿੱਖ ਸੰਗਠਨਾਂ ਦੀ ਵੀ ਇਸ ਮਾਮਲੇ `ਤੇ ਨਜ਼ਰ ਹੈ। ਉਨ੍ਹਾਂ ਵਲੋਂ ਅਦਾਲਤ ਦੇ ਫੈਸਲੇ `ਤੇ ਕੋਈ ਅਜਿਹੀ ਪ੍ਰਤੀਕਿਰਿਆ ਹੋ ਸਕਦੀ ਹੈ,ਜਿਸ ਨਾਲ ਕਿ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਸਰਕਾਰ ਨੇ ਸਕੂਲ, ਕਾਲਜ ਤੇ ਹੋਰ ਵਿਦਿਅਕ ਸੰਸਥਾਵਾਂ `ਚ 24 ਤੇ 25 ਅਗਸਤ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਹੈ।ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ।ਸ਼ਰਮਾ ਨੇ ਕਿਹਾ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ, ਹਰਿਆਣਾ ਸਰਕਾਰ ਉਸ ਦਾ ਪਾਲਣ ਕਰੇਗੀ ਤੇ ਸਾਰਿਆਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਚੰਡੀਗੜ੍ਹ ਦੇ ਸਾਰੇ ਵਿੱਦਿਅਕ ਅਦਾਰਿਆਂ ਵਿਚ 24 ਤੇ 25 ਅਗਸਤ ਦੀ ਛੁੱਟੀ ਕਰ ਦਿੱਤੀ ਹੈ।ਇਸੇ ਤਰ੍ਹਾਂ ਰਾਮ ਰਹੀਮ ਜਬਰ-ਜ਼ਨਾਹ ਮਾਮਲੇ ਵਿਚ ਆ ਰਹੇ ਅਦਾਲਤ ਦੇ ਫੈਸਲੇ ਨੂੰ ਵੇਖਦੇ ਹੋਏ ਪੰਜਾਬ ਵਿਚ ਸਰਕਾਰ ਨੇ ਧਾਰਾ 144 ਲਾਗੂ ਕਰ ਦਿੱਤੀ ਹੈ ਤੇ 25 ਅਗਸਤ ਨੂੰ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਚ ਸੁਰੱੱਖਿਆ ਪ੍ਰਬੰਧਾਂ ਨੂੰ ਲੈ ਕੇ ਉਚ ਪੁਲਸ ਅਧਿਕਾਰੀਆਂ ਨਾਲ ਇਕ ਉਚ ਪੱਧਰੀ ਮੀਟਿੰਗ ਕੀਤੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿਚ ਸਰਕਾਰ ਨੇ ਹਰ ਵਿਅਕਤੀ ਨੂੰ ਹਥਿਆਰ ਲੈ ਕੇ ਚੱਲਣ `ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਹੈ ਤੇ ਲਾਇਸੈਂਸੀ ਹਥਿਆਰ ਹੋਲਡਰਾਂ ਨੂੰ ਹਥਿਆਰ ਤੇ ਗੋਲੀ ਸਿੱਕਾ ਵੇਚਣ ਵਾਲੇ ਪ੍ਰਾਈਵੇਟ ਗੰਨ ਹਾਊਸਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਵੀ. ਵੀ. ਆਈ. ਪੀ. ਸੁਰੱਖਿਆ ਵਿਚ ਲੱਗੇ 1 ਹਜ਼ਾਰ ਪੁਲਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਕੇ ਫੀਲਡ ਡਿਊਟੀਆਂ ਵਿਚ ਤਾਇਨਾਤ ਕਰ ਦਿੱਤਾ ਹੈ ਤਾਂ ਜੋ ਸੂਬੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਮੋਗਾ, ਬਠਿੰਡਾ, ਸੰਗਰੂਰ, ਬਰਨਾਲਾ, ਪਟਿਆਲਾ ਤੇ ਲੁਧਿਆਣਾ ਜਿਹੇ ਨਾਜ਼ੁਕ ਇਲਾਕਿਆਂ ਵਿਚ ਚੌਕਸੀ ਵਧਾਉਣ ਲਈ ਹਜ਼ਾਰਾਂ ਪੁਲਸ ਮੁਲਾਜ਼ਮਾਂ ਤੋਂ ਇਲਾਵਾ 85 ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਨੂੰ ਤਾਇਨਾਤ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੰਵੇਦਨਸ਼ੀਲ ਜ਼ਿਲਿਆਂ ਵਿਚ ਜ਼ਰੂਰੀ ਸੁਰੱਖਿਆ ਵਿਵਸਥਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਵਿਚ ਕਿਸੇ ਤਰ੍ਹਾਂ ਦੀ ਢਿੱਲ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਹਰਿਆਣਾ ਨਾਲ ਲੱਗਦੀ ਸਰਹੱਦ `ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।

 

Most Popular

To Top